Popular posts on all time redership basis

Sunday, 4 March 2012

ਆਪਣਾ ਵੀ ਇਕ ਘਰ ਹੁੰਦਾ ਸੀ - ਸ਼ੇਰ ਸਿੰਘ ਕੰਵਲ

ਆਪਣਾ ਵੀ ਇਕ ਘਰ ਹੁੰਦਾ ਸੀ
ਕਿਸੇ ਸ਼ਾਮ ਨੂੰ ਥੱਕੇ ਹਾਰੇ ਜਦੋਂ ਪਰਤਦੇ
ਗੱਲਵਕੜੀ ਵਿਚ ਲੈ ਲੈਂਦਾ ਸੀ

ਘਰ ਦੀ ਰੰਗਲੀ ਛੱਤ ਦੀ ਛਾਵੇਂ
ਨਾ ਕੋਈ ਗਰਮੀ ਗਰਮੀ ਹੀ ਸੀ
ਨਾ ਕੋਈ ਸਰਦੀ ਸਰਦੀ ਹੀ ਸੀ
ਕਿਹੜਾ ਕਹਿਰੀ ਮੌਸਮ
ਸਾਨੂੰ ਪੋਹ ਸਕਦਾ ਸੀ
ਹੋਠਾਂ ਉੱਤੇ ਸਦਾ ਲਹਿਰਦੀ
ਇਕ ਮਿੱਠੀ ਮੁਸਕਾਨ ਜਿਹੀ ਨੂੰ
ਕਿਹੜਾ ਚੰਦਰਾ ਪਲ ਸੀ
ਜਿਹੜਾ ਕੋਹ ਸਕਦਾ ਸੀ

ਘਰ ਦੀਆਂ ਨਿੱਕੀਆਂ ਕੰਧਾਂ ਦੀ ਹੀ ਓਟ ਬੜੀ ਸੀ
ਢਾਰਸ ਦਾ ਅਹਿਸਾਸ ਜਿਹਾ ਸੀ
ਜੀਅ ਲੱਗਦਾ ਸੀ

ਘਰ ਦੇ ਇਕ ਮਿੱਟੀ ਦੇ ਦੀਵੇ ਦਾ ਚਾਨਣ ਹੀ
ਮਹਾਂਨਗਰ ਦੀਆਂ ਕੁਲ ਰੌਸ਼ਨੀਆਂ ਤੋਂ
ਸੁੱਚਾ ਸੁੱਚਾ ਤੇ ਚਿੱਟਾ ਸੀ
ਹੁਣ ਤਾਂ ਚਾਨਣ ਰਾਤਾਂ ਵਿਚ ਵੀ
ਡਰ ਲੱਗਦਾ ਹੈ
ਮਨ ਭਰਦਾ ਹੈ

ਹੁਣ ਹਰ ਰਾਤ ਖੁਦਕੁਸ਼ੀ ਕਰ ਕੇ
ਆਪਣਾ ਆਪ ਸਵਾ ਲੈਂਦੇ ਹਾਂ
ਕਦੇ ਕਦੇ ਮਨ ਰੋ ਪੈਂਦਾ ਹੈ
ਇਸ ਨੂੰ ਫੇਰ ਵਰਾਅ ਲੈਂਦੇ ਹਾਂ

ਹੁਣ ਤਾਂ ਰੋਜ਼ ਉਦਾਸੇ ਸੱਖਣੇ
ਇਓਂ ਪਰਦੇਸੀ ਸੜਕਾਂ ਉੱਤੇ ਤੁਰਦੇ ਜਾਈਏ
ਪੱਤੜੀ ਪੱਤੜੀ ਕਿਰਦੇ ਜਾਈਏ
ਇਕ ਅਵਾਰਾ ਅਉਧ ਹੰਢਾਈਏ

ਆਪਣਾ ਵੀ ਇਕ ਘਰ ਹੁੰਦਾ ਸੀ....
............................................ - ਸ਼ੇਰ ਸਿੰਘ ਕੰਵਲ

No comments:

Post a Comment