Popular posts on all time redership basis

Sunday, 8 January 2012

ਗ਼ਜ਼ਲ - ਉਲਫ਼ਤ ਬਾਜਵਾ

ਸਾਨੂੰ ਰਾਸ ਨਾ ਆਇਆ ਪਿਆਰ ਅਮੀਰਾਂ ਦਾ।
ਮਹਿਲਾਂ ਵਿਚ ਸੀ ਦਿਲ ਉਪਰਾਮ ਫ਼ਕੀਰਾਂ ਦਾ।

ਮੌਤ-ਸੁਨੇਹਾ ਆਇਆ ਜਦ, ਮੁੜ ਜਾਵਾਂਗੇ,
ਦੇਸ ਪਰਾਏ ਵਿਚ ਕੀ ਜ਼ੋਰ ਸਫ਼ੀਰਾਂ ਦਾ।

ਸਾਨੂੰ ਨਿੱਡਰ ਕੀਤਾ ਮੌਤ ਜਿਹੀ ਭੁੱਖ ਨੇ,
ਸਾਨੂੰ ਡਰ ਕੀ ਜੇਲ੍ਹਾਂ ਦਾ ਜ਼ੰਜੀਰਾਂ ਦਾ।

ਲੀਰਾਂ ਲੀਰਾਂ ਕਰ ਛੱਡਿਆ ਦਿਲ ਯਾਦਾਂ ਨੇ,
ਦਿਲ ਹੈ ਗ਼ਮ ਦੀ ਖਿੱਦੋ, ਗੋਲ਼ਾ ਲੀਰਾਂ ਦਾ।

ਬਾਜਾਂ ਵਾਲੇ ਦਾ ਹੱਥ ਸਾਡੇ ਸਿਰ ’ਤੇ ਹੈ,
ਸਾਡੇ ਸਿਰ ’ਤੇ ਸਾਇਆ ਹੈ ਸ਼ਮਸ਼ੀਰਾਂ ਦਾ।

ਲੋਕ ਗ਼ੁਲਾਮੀ ਨੂੰ ਵੀ ਭਾਣਾ ਮੰਨਦੇ ਨੇ,
ਕੌਣ ਕਰੇ ਛੁਟਕਾਰਾ ਇਹਨਾਂ ਕੀਰਾਂ ਦਾ।

ਦੇਸ ਮੇਰੇ ਵਿਚ ਲੱਖਾਂ ਰਾਹੂ ਕੇਤੂ ਨੇ,
ਮਿਹਨਤ ਕੀਕਰ ਬਦਲੇ ਰੁਖ਼ ਤਕਦੀਰਾਂ ਦਾ।

ਸਾਡੇ ’ਤੇ ਜੋ ਗੁਜਰੀ ਹੱਸ ਕੇ ਝੱਲਾਂਗੇ,
ਬੁਜ਼ਦਿਲ ਰੋਣੇ ਰੋਂਦੇ ਨੇ ਤਕਦੀਰਾਂ ਦਾ।

ਤੀਰ ਨਜ਼ਰ ਦੇ ਲੱਖਾਂ ਦਿਲ ਵਿਚ ਅਟਕ ਗਏ,
ਦਿਲ ਹੈ ਮੇਰਾ ਜਾਂ ਇਹ ਤਰਕਸ਼ ਤੀਰਾਂ ਦਾ।

ਦੁਨੀਆ ਵਿਚ ਦਿਲ ਲਾ ਕੇ ‘ਉਲਫ਼ਤ’ ਬੈਠ ਗਿਓਂ,
ਰਾਹ ਵਿਚ ਬਹਿਣਾ ਕੰਮ ਨਹੀਂ ਰਾਹਗੀਰਾਂ ਦਾ।

No comments:

Post a Comment