ਹਾਂ ਸੋਚਣਾ, ਫਿਰ ਬੋਲਣਾ,
ਫਿਰ ਗਾਵਣਾ, ਫਿਰ ਨਚਣਾ,
ਮਸਤ ਹੋ ਜਾਣਾ, ਗੁੰਮ ਹੋ ਜਾਣਾ,
ਟੁਰ ਜਾਣਾ ਵਿਸਮਾਦਾਂ ਨੂੰ,
ਛੱਡ ਅੰਤਾਂ ਨੂੰ, ਛੱਡ ਆਦਾਂ ਨੂੰ.
ਜੋ ਸੋਚੇ ਨਾਂਹ, ਤੇ ਬੋਲੇ ਨਾਂਹ,
ਜੋ ਗਾਵੇ ਨਾਂਹ ਉੱਠ ਨੱਚੇ ਨਾਂਹ,
ਜੋ ਮਸਤੇ ਨਾਂਹ ਤੇ ਗੁੰਮੇਂ ਨਾਂਹ,
ਜੋ ਵੱਲ ਅਰਸ਼ਾਂ ਉੱਡ ਜਾਵੇ ਨਾਂਹ
ਤੇ ਰਾਹ ਵਿਸਮਾਦਾਂ ਧਾਵੇ ਨਾ
ਜੋ ਵੇਖੇ -
ਸੂਰਜ ਉੱਗਦੇ ਨੂੰ, ਫਿਰ ਡੁੱਬਦੇ ਨੂੰ,
ਚੰਨ ਚੜ੍ਹਦੇ ਨੂੰ ਚੰਨ ਲਹਿੰਦੇ ਨੂੰ,
ਤੇ ਘਟਦੇ ਵਧਦੇ ਰਹਿੰਦੇ ਨੂੰ,
ਜੋ ਤੱਕੇ -
ਖਿੜੀਆਂ ਕਲੀਆਂ, ਹੱਸਦੇ ਫੁਲਾਂ
ਜੁਆਨੀ ਚੜੀਆਂ ਸੋਹਣੀਆਂ ਕੁੜੀਆਂ,
ਵੇਖੇ ਪਰ -
ਫਿਰ ਥਰਕੇ ਨਾ, ਫਿਰ ਫ਼ਰਕੇ ਨਾਂਹ
ਫਿਰ ਕੰਬੇ ਨਾ, ਫਿਰ ਲਰਜ਼ੇ ਨਾਂਹ,
ਫਿਰ ਉੱਡ ਗਗਨਾਂ ਨੂੰ ਜਾਵੇ ਨਾਂਹ
ਸੰਗ ਤਾਰਿਆਂ ਕਿਲਕਿਲੀ ਪਾਵੇ ਨਾ.
ਉਹ ਬੰਦਾ ਨਹੀਂ, ਉਹ ਗੰਦਾ ਹੈ
ਉਹ ਲੱਖ ਚੰਗਾ, ਪਰ ਮੰਦਾ ਹੈ.
ਉਹ ਜੀਂਦਾ ਨਹੀਂ, ਉਹ ਮੋਇਆ ਹੈ
ਮਰ ਪਥੱਰ ਵੱਟਾ ਹੋਇਆ ਹੈ.
ਕੋਈ ਉਸਦੇ ਨਾਲ ਨਾ ਲੱਗਿਓ ਜੇ,
ਮੁਰਦੇ ਦੀ ਛੁਹ ਤੋਂ ਬਚਿਓ ਜੇ.
.....................ਡਾ. ਦੀਵਾਨ ਸਿੰਘ ਕਾਲੇ ਪਾਣੀ
No comments:
Post a Comment