Popular posts on all time redership basis

Showing posts with label Satinder Singh Noor. Show all posts
Showing posts with label Satinder Singh Noor. Show all posts

Tuesday, 9 October 2012

ਉਹ ਹੋਰ ਸਨ - ਸਤਿੰਦਰ ਸਿੰਘ ਨੂਰ

ਮੇਰੇ ਗੁਰੂ,
ਉਹ ਹੋਰ ਸਨ
ਜਿਨ੍ਹਾਂ ਨੇ ਬੇਦਾਵਾ ਲਿਖਿਆ ਸੀ
ਜਿਨ੍ਹਾਂ ਨੂੰ ਤੂੰ ਮਾਫ਼ ਕਰ ਦਿੱਤਾ ਸੀ
ਤੇ ਉਹ ਸਾਰੇ ਦੇ ਸਾਰੇ
ਤੇਰੇ ਲਈ ਕੁਰਬਾਨ ਹੋ ਗਏ ਸਨ

ਹੁਣ ਉਹ ਹਨ
ਜਿਨ੍ਹਾਂ ਨੇ ਬੇਦਾਵਾ ਨਹੀਂ ਲਿਖਿਆ
ਤੇ ਤੈਨੂੰ ਕੁਰਬਾਨ ਕਰ ਚੁੱਕੇ ਹਨ
ਇਹ ਬੇਦਾਵਾ ਨਹੀਂ ਲਿਖਦੇ
ਸਗੋਂ ਦਾਅਵਾ ਲਿਖਦੇ ਹਨ
ਕੁਰਸੀਆਂ ਲਈ
ਤੇ ਅਰਦਾਸ ਕਰਦੇ ਹਨ
ਯੁਗੋ ਯੁਗ ਉਚੀਆਂ ਮਮਟੀਆਂ ਲਈ

...................................................- ਸਤਿੰਦਰ ਸਿੰਘ ਨੂਰ

Thursday, 22 December 2011

ਉਹ ਕਵੀ - ਸਤਿੰਦਰ ਸਿੰਘ ਨੂਰ

ਉਸ ਵਿਚ ਤਲਵਾਰ ਤੇ ਕਵਿਤਾ
'ਕੱਠੇ ਹੀ ਬੋਲਦੇ ਨੇ
ਕਦੇ ਕਵਿਤਾ ਤਲਵਾਰ ਵਾਂਗ
ਤੇ ਕਦੇ ਤਲਵਾਰ ਕਵਿਤਾ ਵਾਂਗ
ਤਲਵਾਰ ਯੁੱਧ ਵਿਚ
ਖੜਕਦੀ ਛੰਦਾਂ ਵਾਂਗ
ਤੇ ਉਸਦੇ ਛੰਦ
ਤਲਵਾਰ ਵਾਂਗ ਖੜਕਦੇ ਨੇ

ਉਸਦੇ ਰੂਪਕ
ਤੇਗ ਦੀ ਧਾਰ ਵਾਂਗ ਲਿਸ਼ਕਦੇ ਨੇ
ਤੇ ਉਸ ਲਿਸ਼ਕ ਦੇ ਸਾਹਵੇਂ
ਅਜੇ ਵੀ ਸੀਸ ਹਾਜ਼ਰ ਨੇ

ਉਸ ਦੀ ਚੋਟ ਨਗਾਰੇ ਤੇ
ਕਾਲ-ਅਕਾਲ ਧਮਕਦੀ ਹੈ
ਅਜੇ ਵੀ ਉਸ ਦੇ ਉਕਾਬ
ਅੰਬਰਾਂ ਨੂੰ ਚੀਰ ਜਾਂਦੇ ਨੇ

............................................... - ਸਤਿੰਦਰ ਸਿੰਘ ਨੂਰ