Popular posts on all time redership basis

Showing posts with label Sanotkh Singh Dhir. Show all posts
Showing posts with label Sanotkh Singh Dhir. Show all posts

Thursday, 3 May 2012

ਪੰਜਾਬ ਦਾ ਗੀਤ - ਸੰਤੋਖ ਸਿੰਘ ਧੀਰ

ਕਲ-ਵਲ ਕਲ-ਵਲ ਸਤਲੁਜ ਵਗਦਾ
ਹੋਇਆ ਮਨ ਗੰਭੀਰ
ਵਧ ਵਧ ਅੱਗੇ ਰਾਹ ਕੋਈ ਲਭਦਾ
ਰੋਕਾਂ, ਰੋਹੀਆਂ ਚੀਰ.

ਕਲ-ਵਲ ਕਲ-ਵਲ ਵਗੇ ਬਿਆਸਾ
ਖੁਰ ਖੁਰ ਜਾਂਦੈ ਤੀਰ
ਗ਼ਮ ਦਾ ਭਰਿਆ ਪ੍ਰੇਮ ਪਿਆਸਾ
ਲੁਛ ਲੁਛ ਜਾਂਦੈ ਨੀਰ.

ਕਲ-ਵਲ ਕਲ-ਵਲ ਵਗਦੀ ਰਾਵੀ
ਵੰਡੀਆਂ ਪਈ ਮੇਰੀ ਧਰਤ ਸੁਹਾਵੀ
ਕੂਕੇ ਹੋ ਦਿਲਗੀਰ.

ਕਲ-ਵਲ ਕਲ-ਵਲ ਤੋਰ ਝਨਾਂ ਦੀ
ਹਿੱਕ ਵਿਚ ਖੁਭਿਆ ਤੀਰ
ਕੂੰਜ ਵਾਂਗ ਕੁਰਲਾਉਂਦੀ ਜਾਂਦੀ
’ਇਕ ਰਾਂਝਾ ਇਕ ਹੀਰ’.

ਕਲ-ਵਲ ਕਲ-ਵਲ ਸ਼ੂਕੇ ਜਿਹਲਮ
ਆਪੇ ਘੜ ਤਕਦੀਰ
ਦਿਲਾਂ ਦਿਲਾਂ ਦੇ ਵਿਛੜੇ ਮਹਿਰਮ
ਇਕ ਦਿਨ ਮਿਲਣ ਅਖੀਰ.

........................................- ਸੰਤੋਖ ਸਿੰਘ ਧੀਰ

Monday, 28 November 2011

ਨਦੀ ਦਾ ਗੀਤ - ਸੰਤੋਖ ਸਿੰਘ ਧੀਰ

ਚੰਗੀ ਨਦੀਏ ਨੀ -
ਹੌਲੀ ਹੌਲੀ ਆਈਂ
ਕੱਸੀਆਂ ਵਿਚੋਂ ਖਾਲਾਂ ਵਿਚੋਂ
ਲਿਸ਼ ਲਿਸ਼ ਕਰਦੀ ਆਈਂ
ਕਿਰਨਾਂ ਭਰਦੀਏ ਨੀ
ਲਿਸ਼ ਲਿਸ਼ ਕਰਦੀ ਜਾਈਂ
ਸੁੰਨੀਆਂ ਸੁਨੀਆਂ ਰੋਹੀਆਂ ਦੇ ਵਿਚ
ਸਾਵੇ ਖੇਤ ਉਗਾਈਂ
ਲੰਮੀਏਂ ਲੰਝੀਏ ਨੀ
ਸਾਵੇ ਖੇਤ ਉਗਾਈਂ
ਸੰਖ, ਕੌਡੀਆਂ, ਪੱਥਰ, ਕੰਕਰ
ਸਭੋ ਰੋੜ ਲਿਆਈਂ
ਝੱਲ ਮੁਟਿਆਰੇ ਨੀ
ਸਭੋ ਰੋੜ ਲਿਆਈਂ
ਸ਼ੂਕਣ ਤੇਰੀਆਂ ਝੱਲੀਆਂ ਲਹਿਰਾਂ
ਨੱਚਦੀ ਨੱਚਦੀ ਆਈਂ
ਬਾਂਕੀਏ ਨਾਰੇ ਨੀ
ਨੱਚਦੀ ਨੱਚਦੀ ਜਾਈਂ
ਕੰਡਿਆਂ ਉੱਤੇ ਲੋਕੀ ਵੱਸਦੇ
ਛਲਕ ਨਾ ਕਿਧਰੇ ਜਾਈਂ
ਜੋਬਨ ਮੱਤੀਏ ਨੀ
ਛਲਕ ਨਾ ਕਿਧਰੇ ਜਾਈਂ
ਚੰਗੀਏ ਨਦੀਏ ਨੀ
ਹੌਲੀ ਹੌਲੀ ਜਾਈਂ

.......................... - ਸੰਤੋਖ ਸਿੰਘ ਧੀਰ