Popular posts on all time redership basis

Showing posts with label Jaswant Zafar. Show all posts
Showing posts with label Jaswant Zafar. Show all posts

Thursday, 11 July 2013

ਧਰਤੀ ਖੜ੍ਹੀ ਹੈ - ਜਸਵੰਤ ਜ਼ਫ਼ਰ

ਗੱਡੀ ‘ਚ ਇਕੱਲੇ ਸਫ਼ਰ ਕਰਦਿਆਂ
ਮੈਂ ਚੰਗਾ ਹੁੰਨਾਂ
ਘਰ ਦਫਤਰ ਜਾਂ ਬਾਜ਼ਾਰ ਵਿਚ ਹੋਣ ਨਾਲੋਂ
ਸਾਥੀ ਸਵਾਰੀਆਂ ਨਾਲ਼ ਈਰਖਾ ਨਹੀਂ
ਗੱਲਾਂ ਕਰਦਾ ਹਾਂ ਏਧਰਲੀਆਂ ਓਧਰਲੀਆਂ
ਗੱਲਾਂ ਓਹਲੇ ਲੁਕਣ ਦਾ ਤਨਾਅ ਨਹੀਂ
ਖੁਲ੍ਹਣ ਦਾ ਚਾਅ ਹੁੰਦਾ
ਕਦੇ ਬਿਸਕੁਟ ਪੇਸ਼ ਕਰਦਾ ਹਾਂ
ਮੁਸਕਰਾਉਂਦਾ ਹਾਂ
ਕਦੇ ਆਪਣੇ ਬੱਚਿਆਂ ਦੀ ਤਸਵੀਰ ਦਿਖਾਉਂਦਾ ਹਾਂ
ਸਰੋਕਾਰ ਵਧਾਉਂਦਾ ਹਾਂ
ਸੀਟ ਹੇਠੋਂ ਚੱਪਲ ਕੱਢ ਕੇ ਦਿੰਦਾ ਹਾਂ
ਬਾਥ ਰੂਮ ਜਾਣ ਲਈ ਰਾਹ ਦਿੰਦਾ ਹਾਂ
ਆਰਾਮ ਨਾਲ ਲੇਟਣ ਦੀ ਸਲਾਹ ਦਿੰਦਾ ਹਾਂ
ਦੂਜੇ ਦੀ ਰੀਸ ਤੇ ਆਪਣੀ ਤਾਰੀਫ਼ ਨਹੀਂ ਕਰਦਾ
ਜਿੰਨਾ ਚੰਗਾ ਹੁੰਨਾ
ਓਸ ਤੋਂ ਵੱਧ ਚੰਗਾ ਹੋਣ ਦੀ ਕੋਸ਼ਿਸ਼ ਕਰਦਾਂ
ਕਿਸੇ ਦਾ ਖੋਹਣ ਤੇ ਆਪਣਾ ਬਚਾਉਣ ਦੀ ਉਚੇਚ ਨਹੀਂ ਹੁੰਦੀ
ਇਸ ਤਰ੍ਹਾਂ ਦਾ ਮੈਂ ਸਿਰਫ ਚੱਲਦੀ ਗੱਡੀ ਹੀ ਹੁੰਦਾ ਹਾਂ
ਧਰਤੀ ਤੇ ਨਹੀਂ ਹੁੰਦਾ

ਧਰਤੀ ਤੇ ਹੋਣ ਵੇਲੇ ਵੀ ਭਾਵੇਂ
ਹੁੰਦਾ ਤਾਂ ਸਫ਼ਰ ‘ਚ ਹਾਂ
ਧਰਤੀ ਦਾ ਤਲ ਹਜ਼ਾਰ ਮੀਲ ਦੀ ਰਫ਼ਤਾਰ ਤੇ ਘੁੰਮਦਾ
ਹਜ਼ਾਰਾਂ ਮੀਲ ਦੀ ਰਫ਼ਤਾਰ ਨਾਲ ਗ੍ਰਹਿਪੰਧ ਤੇ ਦੌੜਦੀ ਧਰਤੀ
ਪਰ ਮੇਰਾ ਚਿੱਤ ਨਹੀਂ ਮੰਨਦਾ
ਮੇਰੇ ਮਨ ਵਿਚ ਤਾਂ ਖੜ੍ਹੀ ਹੈ ਧਰਤੀ
ਚੜ੍ਹਦੇ ਛਿਪਦੇ ਸੂਰਜ ਚੰਨ ਤਾਰੇ
ਘੁੰਮਦੇ ਲਗਦੇ ਖੜ੍ਹੀ ਧਰਤੀ ਦੁਆਲੇ
ਕਿਤਾਬਾਂ ਵਿਚ ਲਿਖੇ ਵਾਂਗ ਧਰਤੀ
ਘੁੰਮਦੀ ਤੁਰਦੀ ਉਡਦੀ ਨਾ ਲੱਗਦੀ
ਤਦੇ ਕਿਤਾਬਾਂ ਵਿਚ ਲਿਖੇ ਵਰਗੀ
ਜਾਂ ਗੱਡੀ ਵਾਲੀ ਜ਼ਿੰਦਗੀ
ਮੇਰੀ ਨਹੀਂ ਬਣਦੀ
ਜਦੋਂ ਮੈਂ ਧਰਤੀ ਤੇ ਹੁੰਨਾਂ
.................................................................. - ਜਸਵੰਤ ਜ਼ਫ਼ਰ

Saturday, 1 June 2013

ਸਕੂਲਰ - ਜਸਵੰਤ ਜ਼ਫ਼ਰ

ਕੌਣ ਬਚਿਆ ਹੈ ਸੈਕੂਲਰ ਅੱਜ ਕੱਲ
ਯਾਰ ?
ਅਖ਼ਬਾਰ ?
ਸਰਕਾਰ ?
ਪਰਚਾਰ ?
ਕਿ ਹਥਿਆਰ ?

ਸੈਕੂਲਰ ਤਾਂ ਲਗਦੇ ਨੇ ਸਿਰਫ਼
ਰੁੱਖ
ਦੁੱਖ
ਸੁੱਖ
ਭੁੱਖ
ਤੇ ਜਾਂ ਕੁੱਖ !
......................................... - ਜਸਵੰਤ ਜ਼ਫ਼ਰ

Tuesday, 5 March 2013

ਗੋਆ ਬੀਚ - ਜਸਵੰਤ ਜ਼ਫ਼ਰ

ਕੋਈ ਗਿਆਨ ਮੁਦਰਾ
ਤੇ ਕੋਈ ਧਿਆਨ ਮੁਦਰਾ ‘ਚ
ਅਰਧ ਅਲਪ ਨਿਰ ਵਸਤਰ
ਸਮੁੰਦਰ ਕਿਨਾਰੇ ਲੇਟੀਆਂ
ਮਾਵਾਂ ਭੈਣਾਂ ਪਤਨੀਆਂ
ਸਹੇਲੀਆਂ ਬਹੂ ਬੇਟੀਆਂ
ਲੰਮੇ ਸਾਹ ਭਰਦੀਆਂ
ਤਨਾਂ ਮਨਾਂ ਨੂੰ ਸੁਰ ਕਰਦੀਆਂ
ਬੰਦ ਨੈਣ ਪੂਰਨ ਵਿਸ਼ਰਾਮ
ਪ੍ਰਾਣਾਯਾਮ
ਧਿਆਨ ਧਰਦੀਆਂ
ਕੁਝ ਕਿਤਾਬਾਂ ਪੜ੍ਹਦੀਆਂ
ਸ਼ਬਦਾਂ ਦੇ ਵਹਿਣੀ ਹੜ੍ਹਦੀਆਂ
ਸਾਲ ਛਿਮਾਹੀ ਦੇ ਥਕੇਵੇਂ ਧੋਂਦੀਆਂ
ਅਕੇਵੇਂ ਨਿਚੋੜਦੀਆਂ
ਤੀਰਥ ਯੋਗ ਪਾਉਂਦੀਆਂ
ਰੋਮਾਂ ਥਾਣੀਂ ਧੁੱਪ ਕਣ ਰਚਾਉਂਦੀਆਂ
ਅਬੋਲ ਸੂਰਯਾ ਨਮਸਕਾਰ ਗਾਉਂਦੀਆਂ
ਕੁਝ ਲਹਿਰਾਂ ਨਾਲ ਲਹਿਰਦੀਆਂ
ਛੱਲਾਂ ਨਾਲ ਛਲਕਦੀਆਂ
ਕਦੇ ਲਾਉਣ ਟੁੱਭੀਆਂ
ਕਦੇ ਤਲ ਤੇ ਤਰਦੀਆਂ
ਮਾਰਨ ਕਿਲਕਾਰੀਆਂ
ਹਸੀ ਯੋਗ ਕਰਦੀਆਂ
ਮੈਂ ਜੋ ਮੁੰਡੀਹਰ ਬਣ
ਮੇਲਾ ਵੇਹਣ ਆਇਆ ਸੀ
ਮਨ ਖਚਰ ਅੱਖ ਲਚਰ
ਭਰ ਕੇ ਲਿਆਇਆ ਸੀ
ਗਿਆਨ ਧਿਆਨ ਯੋਗ ਦਾ
ਸ਼ਿਵਰ ਤੱਕ ਕੇ ਜਾ ਰਿਹਾਂ
ਕੇਸੀਂ ਪਾਣੀ ਖਾਰਾ
ਚੱਪਲੀਂ ਰੇਤਾ
ਮਨ ‘ਚ
ਸ਼ਰਮਿੰਦਗੀ ਲਿਜਾ ਰਿਹਾਂ
.................................................. - ਜਸਵੰਤ ਜ਼ਫ਼ਰ

Sunday, 25 November 2012

ਸ਼ਹੀਦੀ ਦਿਵਸ - ਜਸਵੰਤ ਜ਼ਫ਼ਰ

ਅੱਜ ਕੁਵੇਲੇ ਉੱਠਿਆ ਹਾਂ
ਛੁੱਟੀ ਹੈ
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਦੀ
ਉਬਾਸੀ ਨੇ ਚਾਹ ਨੂੰ 'ਵਾਜ ਮਾਰੀ ਹੈ

ਕੇਸੀ ਨ੍ਹਾਵਾਂਗਾ
ਪਿਛਲੇ ਐਤਵਾਰ ਨਹੀਂ ਨਹਾ ਸਕਿਆ
ਆਪਣੇ ਜੰਜਾਲਾਂ ਝੰਜਟਾਂ ਝੁਮੇਲਿਆਂ ਕਾਰਨ
ਕੇਸੀ ਨ੍ਹਾਉਂਣ ਤੋਂ ਆਪਣਾ ਸਿਰ ਚੇਤੇ ਆਇਆ
ਆਪਣੇ ਸਿਰ ਤੋਂ ਗੁਰੂ ਦਾ ਸੀਸ ਯਾਦ ਆਇਆ
ਜੋ ਅੱਜ ਦੇ ਦਿਨ ਉਤਾਰਿਆ ਸੀ
ਹੈਂਕੜ ਦੇ ਦਸਤੇ ਵਾਲੀ ਹਕੂਮਤ ਹੱਥ ਫੜੀ
ਅਨਿਆਂ ਦੀ ਤਲਵਾਰ ਨੇ
ਪਰ ਕੱਟਿਆ ਸੀਸ ਹੇਠਾਂ ਨਾ ਡਿੱਗਿਆ
ਨਾ ਰੁਲ਼ਿਆ ਨਾ ਮਿਟਿਆ
ਅੰਬਰ ਤੇ ਜਾ ਦਰਸ਼ਨੀ ਹੋਇਆ
ਇਤਿਹਾਸ ਦੇ ਅੰਬਰ ਤੇ
ਸੋਚਾਂ ਦੇ ਅਸਮਾਨ ਤੇ
ਜੋ ਰਾਹ ਰੁਸ਼ਨਾਉਂਦਾ ਰਹੇਗਾ ਮਨੁੱਖਾਂ ਦਾ
ਮਨੁੱਖਤਾ ਦੇ ਰਹਿਣ ਤੱਕ

ਹੁਣੇ ਮੈਂ ਕੇਸੀ ਨ੍ਹਾਵਾਂਗਾ
ਕੇਸਾਂ ਨੂੰ ਮਲਦਿਆਂ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ
ਕੁਝ ਇਸ ਤਰ੍ਹਾਂ-
ਯਾਰ ਤੂੰ ਵੀ ਕਿਸੇ ਕੰਮ ਆਇਆ ਕਰ
ਦਿਨੇ ਮੋਢਿਆਂ ਤੇ ਝੂਟੇ ਹੀ ਨਾ ਲੈਂਦਾ ਰਿਹਾ ਕਰ
ਰਾਤ ਨੂੰ ਸਰਾਹਣਾ ਹੀ ਨਾ ਮਿੱਧਿਆ ਕਰ

ਅੱਜ ਦੇ ਦਿਨ ਗੁਰੂ ਨੇ ਸੀਸ ਦਿੱਤਾ ਸੀ
ਮੈਂ ਅੱਜ ਆਪਣੇ ਸਿਰ ਨਾਲ ਗੱਲਾਂ ਕਰਾਂਗਾ
ਪਿਆਰ ਨਾਲ
..................................................................................... - ਜਸਵੰਤ ਜ਼ਫ਼ਰ

Monday, 9 January 2012

ਜ਼ੀਰੋ - ਜਸਵੰਤ ਜ਼ਫ਼ਰ

ਅਸੀਂ ਜ਼ੀਰੋ ਦਾ ਅੰਕ ਈਜਾਦ ਕਰਨ ਵਾਲੀ
ਪ੍ਰਾਚੀਨ ਸੱਭਿਅਤਾ ਦੇ ਵਰਤਮਾਨ ਹਾਂ
ਸਾਰੇ ਪਾਸਿਆਂ ਤੋਂ ਬੰਦ ਜ਼ੀਰੋ
ਸਾਡਾ ਮੂਲ ਮੰਤਰ ਬਣਕੇ
ਸਾਡੇ ਖੂਨ ਵਿਚ ਊਂਘਦੀ ਫਿਰਦੀ ਹੈ
ਜਾਂ ਸਾਡੇ ਮੱਥੇ ਅੰਦਰ ਫਸੀ ਹੋਈ ਹੈ
ਜ਼ੀਰੋ ਕਿਸੇ ਵੀ ਆਕਾਰ ਦੀ ਹੋਵੇ
ਛੋਟੀ ਜਾਂ ਵੱਡੀ ਜਾਂ ਬਹੁਤ ਵੱਡੀ
ਜ਼ੀਰੋ ਹੀ ਰਹਿੰਦੀ
ਆਪਣਾ ਮੁੱਲ ਕੁਝ ਨਹੀਂ ਹੁੰਦਾ
ਜਿਸਦੇ ਮਗਰ ਲਗਦੀ
ਉਹ ਦਸ ਗੁਣਾ ਹੋ ਜਾਂਦਾ
ਚੌਕੇ ਮਗਰ ਲੱਗ ਕੇ
ਚੌਕੇ ਨੂੰ ਚਾਲੀ ਬਣਾਓਂਦੀ
ਸਾਤੇ ਮਗਰ ਲੱਗਕੇ ਸੱਤਰ ਬਣਾਓਂਦੀ
ਜ਼ੀਰੋ ਦੂਸਰਿਆਂ ਦੇ ਮਗਰ ਲੱਗਣ ‘ਚ ਹੀ
ਆਪਣੀ ਟੌਹਰ ਸਮਝਦੀ
ਜ਼ੀਰੋ ਦਾ ਕਿਸੇ ਦੇ ਮੂਹਰੇ ਲੱਗਣ ਦਾ
ਕੋਈ ਅਰਥ ਨਹੀਂ ਹੁੰਦਾ
ਆਪਣੇ ਜ਼ੀਰੋ ਹੋਣ ਦਾ ਅਹਿਸਾਸ
ਸੁਰੱਖਿਅਤ ਰੱਖਣ ਵਾਲੇ ਅਸੀਂ
ਜ਼ੀਰੋ ਵਾਂਗ
ਦੂਜਿਆਂ ਦੇ ਮਗਰ ਲੱਗਣ ਗਿੱਝ ਗਏ ਹਾਂ
ਅਸੀਂ ਕਦੇ ਸੋਚਿਆ
ਕਿ ਖੱਬੇ ਪਾਸੇ ਵਾਲੇ
ਇੱਕ ਚਮਤਕਾਰੀ ਹਿੰਦਸੇ ਦੇ ਮਗਰ ਲੱਗ ਕੇ
ਵੱਡੀ ਰਕਮ ਬਣਾਵਾਂਗੇ
ਖੱਬੇ ਪਾਸੇ ਵਾਲਾ ਖੁਦ ਹੀ ਨਾ ਰਿਹਾ
ਤਾਂ ਅਸੀਂ ਰਹਿ ਗਏ ਇਕੱਲੇ ਛਟਪਟਾਓਂਦੇ ਜ਼ੀਰੋ ਦੇ ਜ਼ੀਰੋ

ਲੰਮੀਆਂ ਉਦਾਸੀਆਂ ਵਾਲੇ ਆਪਣੇ ਬਾਬੇ ਤੋਂ
ਉਦਾਸੀਆਂ ਦਾ ਵਰ ਨਹੀਂ ਮੰਗ ਸਕਦੇ
ਕਿਓਂਕੇ ਅਸੀਂ
ਜ਼ੀਰੋ ਵਰਗੀਆਂ ਗੋਲ ਪ੍ਰਕਰਮਾ ਤਾਂ ਕਰ ਸਕਦੇ ਹਾਂ
ਉਦਾਸੀਆਂ ਤੇ ਨਹੀਂ ਚੜ ਸਕਦੇ
ਆਕਾਸ਼ ਵਿਚ ਅਲਮਸਤ ਨਹੀਂ ਉੱਡ ਸਕਦੇ
ਪਰਵਾਜ਼ ਨਹੀਂ ਭਰ ਸਕਦੇ
ਉੱਪ ਗ੍ਰਹਿ ਵਾਂਗ
ਨਿਸ਼ਚਿਤ ਗੋਲ ਧਾਰੇ ਵਿੱਚ ਹੀ ਘੁੰਮ ਸਕਦੇ ਹਾਂ
ਸਾਡਾ ਮਾਰਗ ਤਾਂ ਹੋ ਸਕਦਾ ਜ਼ੀਰੋ ਵਰਗਾ
ਗੋਲ ਜਾਂ ਇਲਿਪਟੀਕਲ
ਜੋ ਭੂਤ ਓਹੀ ਭਵਿੱਖ
ਪੈਰਾਬੌਲਿਕ ਪਾਥ ਬਾਰੇ ਨਹੀਂ ਸੋਚ ਸਕਦੇ
ਸਾਨੂੰ ਅਨੰਤ ਭਵਿਖ ਤੋਂ ਡਰ ਲਗਦਾ ਹੈ
...............................ਜਸਵੰਤ ਜ਼ਫ਼ਰ

Thursday, 10 November 2011

ਨਾਨਕ - ਜਸਵੰਤ ਜ਼ਫ਼ਰ

ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ੍ਹਾਂ ਦਾ ਚਿਪਕਿਆ ਮਾਸ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ

ਅੱਖਾਂ ਜੋ -
ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸ੍ਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ
ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ
ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ
ਮਸਲਨ
ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਆਦਾ ਨੂੰ ਤੋੜਨ ਦਾ
ਐਲਾਨਨਾਮਾ ਛਾਪ ਸਕਦੇ ਹਾਂ

ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖ਼ੈਰ
ਸੁੱਖ
ਸ਼ਾਂਤੀ
ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ
ਤੇ ਵੇਲਾਂ ਨੂੰ ਲਗਦੇ ਰੁਪਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ ਹੈ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
ਹੱਥ ‘ਚੋਂ ਫੁਟਦੀ ਮਿਹਰ
ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
ਸਨ ਸਿਲਕੀ ਸ਼ਫਾਫ ਦਾਹ੍ੜੀ
ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵਲੀ
ਸੁਰਖ ਟਿਪਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ

ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕਰਨ ਵਾਲੇ
ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ਼ ਕਰਨਾ

Wednesday, 9 November 2011

ਅਸੀਂ ਨਾਨਕ ਦੇ ਕੀ ਲਗਦੇ ਹਾਂ - ਜਸਵੰਤ ਜ਼ਫ਼ਰ

ਨਨਕ ਤਾਂ ਪਹਿਲੇ ਦਿਨ ਹੀ
ਵਿਦਿਆਲੇ ਨੂੰ
ਵਿਦਿਆ ਦੀ ਵਲਗਣ ਨੂੰ
ਰੱਦ ਕੇ ਘਰ ਮੁੜੇ
ਘਰ ਮੁੜੇ ਘਰੋਂ ਜਾਣ ਲਈ
ਘਰੋਂ ਗਏ ਘਰ ਨੂੰ ਵਿਸਥਾਰਨ ਲਈ
ਵਿਸ਼ਾਲਣ ਲਈ

ਅਸੀਂ ਨਾਨਕ ਵਾਂਗ ਵਿਦਿਆਲੇ ਨੂੰ ਨਾਕਾਰ ਨਹੀਂ ਸਕਦੇ
ਨਾਨਕ ਨਾਮ ਤੇ ਵਿਦਿਆਲੇ ਉਸਾਰ ਸਕਦੇ ਹਾਂ -
ਗੁਰੂ ਨਾਨਕ ਵਿਦਿਆਲਾ
ਗੁਰੂ ਨਾਨਕ ਮਹਾਂਵਿਦਿਆਲਾ

ਵਿਦਿਆਲੇ ਦੇ ਸੋਧੇ ਪ੍ਰਬੋਧੇ ਅਸੀਂ
ਗਿਆਨੀ
ਵਿਦਿਆ ਦਾਨੀ
ਘਰਾਂ ਦੇ ਕੈਦੀ
ਪਤਵੰਤੇ ਸੱਜਣ
ਨਾਨਕ ਦੇ ਕੀ ਲੱਗਦੇ ਹਾਂ - ਜਸਵੰਤ ਜ਼ਫ਼ਰ

Saturday, 5 November 2011

ਤਰੱਕੀ - ਜਸਵੰਤ ਜ਼ਫ਼ਰ

ਉਸਦੇ ਸੁਪਨੇ ’ਚ ਕਾਲੀ ਨੇਰ੍ਹੀ ਵਗੀ
ਉਸ ਜਾਗੋ ਮੀਟੀ ’ਚ ਉਠ ਦੇਖਿਆ
ਕਿ ਉਸਦੇ ਪੱਤਿਆਂ ਤੋਂ ਤਰੇਲ ਦੀਆਂ ਕੁਲ ਬੂੰਦਾਂ
ਝੜ ਚੁੱਕੀਆਂ
ਸੁੱਕ ਚੁਕੀਆਂ
ਮੁੱਕ ਚੁਕੀਆਂ
ਕਿ ਉਹ ਬੁੱਢੀਆਂ ਕੁਰਸੀਆਂ ਵਿਚਾਲੇ
ਗੱਡਿਆ ਪਿਆ ਹੈ
ਕਿ ਉਹ ਕਵਿਤਾ ਵਾਂਗ ਝੂਮਣੋਂ ਹੱਟ ਕੇ
ਹਵਾ ਨਾਲ ਗੱਲਾਂ ਕਰਨੋਂ ਹੱਟ ਕੇ
ਸਰਵਿਸ ਬੁੱਕ ਦੇ ਪੰਨੇ ਤੇ ਚਿਪਕ ਗਿਆ ਹੈ
ਕਿ ਉਸਦੇ ਮਨ ਦੀ ਛੱਤ ਚੋਂ
ਕੋਈ ਚੋਆ ਪਿਆ
ਤੇ ਉਹ ਬਲਦਾ ਬਲਦਾ
ਧੁਖ਼ਣ ਲੱਗਾ
ਵਿਛੜੇ ਮੇਲੇ ਵਾਲੀ ਥਾਂ ਦੀ
ਬੇਰੌਣਕੀ ਤੇ ਬੇਤਰਤੀਬੀ
ਉਸਦੀ ਆਣਕਹੀ ਅਣਲਿਖੀ ਕਵਿਤਾ ਦੀ ਗਵਾਹ ਹੈ
ਅੱਜ ਕੱਲ੍ਹ ਉਹ
ਉਹ ਨਹੀਂ
ਤੇ ਤੁਸੀ ਉਸਨੂੰ
ਤੁਸੀ ਨਹੀਂ ਲਗਦੇ
ਉਸ ਦੀਆਂ ਬਾਹਵਾਂ ਹੁੰਦੀਆਂ ਸਨ ਕਦੇ
ਬ-ਹੁ-ਤ ਲੰਮੀਆਂ
ਨਜ਼ਰ ਦੀ ਪਹੁੰਚ ਜਿੰਨੀਆਂ
ਸ਼ਾਇਦ ਉਸ ਤੋਂ ਵੀ ਲੰਮੀਆਂ
ਭਰਦੀਆਂ ਸਨ ਜੋ ਕਲਾਵਾ
ਚੰਦਾਂ ਸੂਰਜਾਂ ਦਾ
ਜੱਗ ਦਾ
ਰੱਬ ਦਾ
ਸਭ ਦਾ
ਸੁੰਗੜ ਕੇ ਰਹਿ ਗਈਆਂ ਬਾਹਵਾਂ ਹੁਣ
ਬਾਹਵਾਂ ਤੋਂ ਵੀ ਛੋਟੀਆਂ
ਜੋ ਆਪਣੇ ਵਜੂਦ ਨੂੰ ਵੀ
ਸਿਰਫ਼ ਢਿੱਡ ਵਲੋਂ ਕਲਾਵਾ ਭਰਦੀਆਂ - ਜਸਵੰਤ ਜ਼ਫ਼ਰ

Monday, 31 October 2011

ਕੁੱਖਾਂ ’ਚ ਕਤਲ ਹੁੰਦੀਆਂ ਕੁੜੀਆਂ - ਜਸਵੰਤ ਜ਼ਫ਼ਰ

ਕਵੀ ਜੀ !
ਕਿਹੜੇ ਕਤਲ ਦੀ ਗੱਲ ਕਰਦੇ ਹਾਂ ?
ਪੁੱਠੀ ਵਗਦੀ ਹਵਾ ਨਾਲ
ਆਪਣੇ ਸਾਹ ਵੀ ਜੁੜੇ ਹਨ

ਜੇ ਤੂੰ ਕਦੀ ਮਾਂ ਦੀ ਗਾਲ਼ ਕੱਢੀ ਹੈ
ਤਾਂ ਇਸ ਕਤਲ ਦੇ ਖ਼ਿਲਾਫ਼ ਕਵਿਤਾ ਲਿਖਣ ਦੀ
ਕੋਈ ਲੋੜ ਨਹੀਂ
ਜੇ ਕਦੀ ਭੈਣ ਦੀ ਗਾਲ਼ ਕੱਢੀ ਹੈ
ਤਾਂ ਇਸ ਕਤਲ ਦੇ ਖ਼ਿਲਾਫ਼ ਕਵਿਤਾ ਲਿਖਣ ਦਾ
ਕੋਈ ਮਤਲਬ ਨਹੀਂ
ਜੇ ਕਦੀ ਧੀ ਦੀ ਗਾਲ਼ ਕੱਢੀ ਹੈ
ਤਾਂ ਇਸ ਕਤਲ ਦੇ ਖ਼ਿਲਾਫ਼ ਕਵਿਤਾ ਲਿਖਣ ਦਾ
ਤੈਨੂੰ ਕੋਈ ਹੱਕ ਨਹੀਂ

ਕੁੱਖਾਂ ਅੰਦਰਲੀਆਂ ਕੁੜੀਆਂ
ਜਦ ਹਵਾ ’ਚ ਖਿਲਰੀਆਂ
ਮਾਵਾਂ ਭੈਣਾਂ ਧੀਆਂ ਦੀਆਂ ਗਾਲ਼ਾਂ ਸੁਣਦੀਆਂ
ਤਾਂ ਜੰਮਣੌਂ ਇਨਕਾਰ ਕਰਦੀਆਂ
ਤੇ ਮਮਤਾ ਮੂਰਤ ਮਾਵਾਂ ਨੂੰ
ਸਾਡੀਆਂ ਝੂਠੀਆਂ ਕਵਿਤਾਵਾਂ ਦੀ ਬਜਾਏ
ਅਣਜੰਮੀਆਂ ਧੀਆਂ ਦੀ ਸੱਚੀ ਜ਼ਿਦ ਅੱਗੇ ਝੁਕਣਾ ਪੈਂਦਾ ਹੈ

ਕਵੀ ਜੀ, ਕਿਹੜੇ ਕਤਲ ਦੀ ਗੱਲ ਕਰਦੇ ਹੋ ? -- ਜਸਵੰਤ ਜ਼ਫ਼ਰ

Friday, 7 October 2011

ਵੇ ਰਾਂਝਣਾ - ਜਸਵੰਤ ਜ਼ਫ਼ਰ

ਜਿਹੜੇ ਰੰਗ ਵਿਚ ਤੂੰ ਰੰਗਿਆ ਏਂ
ਅਸੀਂ ਵੀ ਓਸੇ ਰੰਗ ਦੇ ਹਾਂ

ਜਿਹੜੇ ਡੰਗ ਦਾ ਤੂੰ ਡੰਗਿਆ ਏਂ
ਡੰਗੇ ਓਸੇ ਡੰਗ ਦੇ ਹਾਂ

ਰੱਬ ਕੋਲੋਂ ਤੂੰ ਸਾਨੂੰ ਮੰਗਦਾ
ਅਸੀਂ ਵੀ ਤੈਨੂੰ ਮੰਗਦੇ ਹਾਂ

ਤੇਰੇ ਵਡੇਰੇ ਜੇ ਤਖ਼ਤ ਹਜ਼ਾਰੇ
ਅਸੀਂ ਵੀ ਪਿੱਛਿਓਂ ਝੰਗ ਦੇ ਹਾਂ.

.......................... - ਜਸਵੰਤ ਜ਼ਫ਼ਰ

Monday, 26 September 2011

ਜੈਤਾ ਜੀਵਨ ਸਿੰਘ - ਜਸਵੰਤ ਜ਼ਫ਼ਰ

ਸਿੱਖ ਸੀ ਜੈਤਾ
ਗੁਰੂ ਦੇ ਧੜੋਂ ਲੱਥੇ ਸੋਚ-ਸਰੋਤ
ਸੀਸ ਨੂੰ
ਰਾਜਧਾਨੀ ਰੁਲ਼ਣ ਨਾ ਦਿੱਤਾ
ਮੋਹ ਪੁਗਾਇਆ
ਗੁਰਧਾਨੀ ਵੱਲ ਧਾਇਆ
ਨੇਰ੍ਹੀ ਨੇਰ੍ਹ ਤੇ ਹਕੂਮਤੀ ਪਹਿਰੇ ਚੀਰ ਕੇ ਦੱਸਿਆ
ਕਿ ਜੇਤੂ ਹੋਣਾ ਕੀ ਹੁੰਦਾ

ਸਿੰਘ ਬਣ ਕੇ ਜੈਤਾ
ਜੀਵਨ ਸਿੰਘ ਹੋਇਆ
ਗੁਰੂ ਦਾ ਲਾਡਲਾ
ਗੁਰੂ ਦੇ ਲਾਡਲਿਆਂ ਸੰਗ ਨਿੱਤਰਿਆ
ਕਹਿੰਦਾ :
ਗੁਰੂ ਦਾ ਆਦੇਸ਼ ਹੈ
ਬੇਦਿਲੀ ਕੂੜ ਜਬਰ ਤੇ ਅਨਿਆਂ ਨੂੰ
ਮਾਰਨ ਲਈ ਲੜਾਂਗਾ
ਇਹ ਰਹਿਣਗੇ ਜਾਂ ਮੈਂ ਰਹਾਂਗਾ

ਮੌਤ ਦੀ ਬਾਂਹ ’ਚ ਬਾਂਹ ਪਾ ਨੱਚਿਆ
ਅੱਖਾਂ ’ਚ ਅੱਖਾਂ ਪਾ ਤੱਕਿਆ
ਉਸਨੂੰ ਦੱਸਿਆ
ਕਿ ਸਿੰਘ ਲਈ ਜੀਵਨ ਦਾ ਅਰਥ ਕੀ ਹੁੰਦਾ
ਸ਼ਰਮ ਦੀ ਮਾਰੀ
ਪੁੱਛੇ ਮੌਤ ਵਿਚਾਰੀ
ਜੇ ਤੈਨੂੰ ਪਸੰਦ ਨਹੀਂ
ਤਾਂ ਆਪਣਾ ਨਾਂ ਬਦਲ ਕੇ
ਸ਼ਹੀਦੀ ਰੱਖਾਂ ?

ਪਰ ਮੈਂ ਨਾ ਜੈਤਾ ਨਾ ਜੀਵਨ
ਨਾ ਪਰੇਮੀ ਨਾ ਜੇਤੂ
ਨਾ ਲਾਡਲਾ ਨਾ ਲੜਾਕੂ

ਚੜ੍ਹਦੀ ਕਲਾ ਤੋਂ ਦੂਰ
ਨਾਖੁਸ਼
ਨਾਂਮਾਤਰ ਖੁਸ਼
ਜਾਂ ਬਣਾਉਟੀ ਖੁਸ਼ ਹਾਂ
ਸੋਚਦਾ ਕੁਛ
ਕਹਿੰਦਾ ਕੁਛ
ਤੇ ਕਰਦਾ ਕੁਛ ਹਾਂ

ਬੱਸ ਪੀਂਦਾ ਖਾਂਦਾ
ਤੱਕਦਾ ਰਹਿੰਦਾ
ਸਹਿਣ ਕਰੀ ਜਾਂਦਾ
ਨਾਂ ਕੀ ਏ
ਨਾਂ ਨਾਲ ਸਿੰਘ ਲਿਖਿਆ ਕਿ ਨਹੀਂ
ਕੀ ਫਰਕ ਪੈਂਦਾ

............................. - ਜਸਵੰਤ ਜ਼ਫ਼ਰ

Saturday, 17 September 2011

ਅਰਦਾਸ - ਜਸਵੰਤ ਜ਼ਫ਼ਰ

ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈਂ
ਥੋੜ੍ਹੀ ਤੋਂ ਥੋੜ੍ਹੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈਂ

ਹਰ ਪਰ ਨੂੰ ਪਰਵਾਜ਼ ਤੇ ਹਰ ਪੇਟ ਨੂੰ ਦਾਣਾ ਮਿਲੇ
ਸਭ ਜੜ੍ਹਾਂ ਨੂੰ ਮਿੱਟੀ ਦਈਂ ਸਿਖਰਾਂ ਨੂੰ ਆਕਾਸ ਦਈਂ

ਸੁੱਖ ਲਈ ਤਰਲਾ ਅਤੇ ਦੁੱਖ ਤੋਂ ਇਨਕਾਰ ਨਹੀਂ ਪਰ
ਦੁੱਖ ਨਾਲ ਸ਼ਿਕਵੇ ਦੀ ਥਾਂ ਜਿਗਰਾ ਦਈਂ ਧਰਵਾਸ ਦਈਂ

ਲੋਅ ਦਾ ਝੂਠਾ ਚਾਅ ਤੇ ਨੇਰ੍ਹੇ ਦਾ ਸੱਚਾ ਖੌਫ਼ ਨਾ ਦਈਂ
ਦਿਨੇਂ ਜਗਦੀ ਅੱਖ ਦਈਂ ਰਾਤੀਂ ਜਗਦੀ ਆਸ ਦਈਂ

ਮੈਂ ਮੈਂ ਮੇਰੀ ਤੇ ਓਸ ਦੀ ਤੂੰ ਤੂੰ ਮੈਂ ਮੈਂ ਨਾ ਬਣੇ
ਹੋਵੇ ਨਾ ਭਾਵੇਂ ਏਕਤਾ ਪਰ ਸੁੱਚਾ ਸਹਿਵਾਸ ਦਈਂ

ਜ਼ਿੰਦਗੀ ਬਿਨ ਸ਼ਹਿਰ ਨਾ ਤੇ ਵਣ ਤੋਂ ਬਿਨ ਨਾ ਜ਼ਿੰਦਗੀ
ਜਿਉਣ ਜੋਗੇ ਸ਼ਹਿਰ ਨੂੰ ਬਣਦਾ ਸਰਦਾ ਬਣਵਾਸ ਦਈਂ