Popular posts on all time redership basis

Showing posts with label Dhani Ram Chatrik. Show all posts
Showing posts with label Dhani Ram Chatrik. Show all posts

Sunday, 31 March 2013

ਖ਼ਾਲਿਕ-ਖ਼ਲਕ .....- ਧਨੀ ਰਾਮ ਚਾਤ੍ਰਿਕ

 ਖ਼ਲਕਤ ਰਬ ਵਿਚ, 
ਰਬ ਖ਼ਲਕਤ ਵਿਚ,
ਜਿਉਂ ਮਹਿੰਦੀ ਵਿਚ ਲਾਲੀ
ਹਰ ਹਿਰਦੇ ਰਬ ਦਾ ਆਸਣ,
ਕੋਈ ਜਾਹ ਨ ਜਾਪੇ ਖਾਲੀ
ਬਾਹਰੋਂ ਰਬ ਜਾਪੇ ਨ ਜਾਪੇ,
ਅੰਦਰੋਂ ਦੇਇ ਦਿਖਾਲੀ
ਜਿਹੜਾ ਰਬ ਨੂੰ ਬਾਹਰ ਨਿਖੇੜੇ,
ਉਹਦੀ ਅਪਣੀ ਖ਼ਾਮ ਖ਼ਿਆਲੀ
ਜਿਉਂ ਜਿਉਂ ਰਬ ਹੁੰਦਾ ਜਾਏ ਸਾਂਝਾ,
ਘਰ ਘਰ ਹੁੰਦਾ ਜਾਏ ਉਜਾਲਾ
ਧੁਪਦੀ ਜਾਏ ਮੈਲ ਦਿਲਾਂ ਦੀ,
ਪ੍ਰੇਮ ਨਦੀ ਵਿਚ ਉਠੇ ਉਛਾਲਾ
ਜੇਕਰ ਭਾਰਤ ਦੇ ਜ਼ਮੀਰ ਨੂੰ,
ਪਾਪੀ ਪੇਟ ਨ ਕਰਦਾ ਕਾਲਾ,
ਮੁੱਦਤ ਦਾ ਬਣ ਚੁਕਿਆ ਹੁੰਦਾ,
ਸਰ ਇਕਬਾਲ ਦਾ "ਨਯਾ ਸ਼ਿਵਾਲਾ"
...............................................- ਲਾਲਾ ਧਨੀ ਰਾਮ ਚਾਤ੍ਰਿਕ

Thursday, 24 January 2013

ਸੰਤ ਕਲਾਸ - ਧਨੀ ਰਾਮ ਚਾਤ੍ਰਿਕ

ਪੂਜਾ ਗੁਸਾਈਂ , ਬਾਬਾ, ਸੰਤ
ਸਤਿਗੁਰ ਜੀ, ਮਹਾਰਾਜ, ਮਹੰਤ।
ਕੁਝ ਫਿਰਤੂ, ਕੁਝ ਗੱਦੀ ਦਾਰ,
ਛੜੇ ਛਾਂਟ ਕੁਝ ਸਣ ਪਰਿਵਾਰ।
ਭਾਂਤ ਭਾਂਤ ਦੇ ਪਹਿਨ ਲਿਬਾਸ,
ਉਪਜ ਪਈ ਇਕ ਸੰਤ ਕਲਾਸ।
ਪਰਮੇਸ਼ਰ ਦੇ ਸੋਲ-ਏਜੰਟ,
ਮਜ਼ਹਬ ਨੂੰ ਰਖ ਲੈਣ ਸਟੰਟ।
ਲੰਮਾ ਚੋਗਾ, ਅੱਖਾਂ ਲਾਲ।
ਕੱਠਾ ਕਰਦੇ ਫਿਰਨਾ ਮਾਲ।
ਮਠ, ਮੰਦਿਰ, ਦਿਹੁਰਾ, ਗੁਰੁ ਧਾਮ,
ਜੋ ਚਾਹਿਆ, ਰਖ ਲੈਣਾ ਨਾਮ।
ਕਿਸੇ ਬੜੇ ਤੋਂ ਨੀਂਹ ਰਖਵਾ,
ਦੇਣੀ ਕਿਤੇ ਉਸਾਰੀ ਲਾ।
ਕੱਚਾ ਪੱਕਾ ਕੰਮ ਸੁਆਰ,
ਵਸਤ ਜਾਣੀ ਆਪ ਡਕਾਰ।
ਟੱਬਰਦਾਰ ਗਰੀਬਾਂ ਨਾਲ,
ਹਰ ਵੇਲੇ ਸੇਵਾ ਦਾ ਸੁਆਲ।
ਮੂੰਹ ਮੰਗੀ ਮਿਲ ਜਾਏ ਮੁਰਾਦ,
ਸੁਖਣਾ ਨਾਲ ਮਿਲੇ ਔਲਾਦ।
ਜੇ ਕੋਈ ਕਰ ਬੈਠੇ ਤਕਰਾਰ
ਹੋ ਜਾਣਾ ਸਿਰ ਤੇ ਅਸਵਾਰ।
ਦੁਸ਼ਟ ਦੁਸ਼ਟ ਦੀ ਸ਼ਿਸਕਰ ਲਾ,
ਕੁੱਤੇ ਦੇਣ ਮਗਰ ਦੁੜਾ
....................................................ਲਾਲਾ ਧਨੀ ਰਾਮ ਚਾਤ੍ਰਿਕ

Wednesday, 16 January 2013

ਇਨਸਾਨਸਤਾਨ - ਧਨੀ ਰਾਮ ਚਾਤ੍ਰਿਕ

ਉਠ ਸਾਕੀ ! ਇਕ ਹੰਭਲਾ ਮਾਰ,
ਨਵਾਂ ਨਸ਼ਾ ਕੋਈ ਕਰ ਤੱਯਾਰ।
ਚੜ੍ਹ ਜਾਵੇ ਸੁਰਤੀ ਅਸਮਾਨ,
ਦਿੱਸਣ ਲੱਗ ਪਏ ਨਵਾਂ ਜਹਾਨ।
ਨਵਾਂ ਬਗੀਚਾ, ਨਵੀਂ ਬਹਾਰ,
ਨਵੀਂ ਜਵਾਨੀ, ਨਵਾਂ ਨਿਖਾਰ।
ਨਵੀਂ ਜ਼ਮੀਨ, ਨਵਾਂ ਅਸਮਾਨ,
ਸਚਮੁਚ ਦਾ ਇਨਸਾਨਸਤਾਨ।

ਹਿੰਦੂ, ਮੋਮਨ, ਸਿਖ, ਈਸਾਈ,
ਸਾਰੇ ਜਾਪਣ ਭਾਈ ਭਾਈ।
ਦਸਤਕਾਰ, ਕਿਰਤੀ, ਕਿਰਸਾਣ,
ਸਾਂਝੀ ਰੋਟੀ ਵੰਡ ਕੇ ਖਾਣ।
ਭੁੱਖ, ਨੰਗ, ਚਿੰਤਾ, ਬੇਕਾਰੀ,
ਹਟ ਜਾਏ ਧੜਕੇ ਦੀ ਬੀਮਾਰੀ।
ਘੁਲ ਮਿਲ ਜਾਵਣ ਧਰਮ ਇਮਾਨ,
ਸਚਮੁਚ ਦਾ ਇਨਸਾਨਸਤਾਨ।

ਸਾਂਝੇ ਹੋਣ ਮਸੀਤਾਂ ਮੰਦਰ,
ਵੱਸੇ ਰੱਬ ਦਿਲਾਂ ਦੇ ਅੰਦਰ।
ਲੀਡਰ ਹੋਣ ਦਿਆਨਤਦਾਰ,
ਮੇਲ ਮੁਹੱਬਤ ਦਾ ਪਰਚਾਰ।
ਮਤਲਬੀਏ ਤੇ ਪਾੜਣ ਵਾਲੇ,
ਭੁਲ ਜਾਵਣ ਸ਼ਤਰੰਜ ਦੇ ਚਾਲੇ।
ਟੁਕਰਾਂ ਤੋਂ ਨਾ ਵਢ ਵਢ ਖਾਣ,
ਸਚਮੁਚ ਦਾ ਇਨਸਾਨਸਤਾਨ।

ਵੱਡਿਆਂ ਦਾ ਦਿਲ ਹੋ ਜਾਏ ਵੱਡਾ,
ਢਾਹ ਸੁੱਟਣ ਨਫਰਤ ਦਾ ਅੱਡਾ।
ਵੰਡ ਖਾਣ ਦੀ ਪੈ ਜਾਏ ਵਾਦੀ,
ਮੰਗ ਸਕਣ, ਸਾਂਝੀ ਆਜ਼ਾਦੀ।
ਸਾਂਝੀਆਂ ਚੋਣਾਂ, ਸਾਂਝੀ ਪੀੜ,
ਉਂਗਲ ਸੜਿਆਂ ਧੁਖੇ ਸਰੀਰ।
ਇਕ ਦੂਜੇ ਤੋਂ ਸਦਕੇ ਜਾਣ,
ਸਚਮੁਚ ਦਾ ਇਨਸਾਨਸਤਾਨ।
 ...................................................ਧਨੀ ਰਾਮ ਚਾਤ੍ਰਿਕ

Thursday, 3 January 2013

ਅਖੀਆਂ ਬੁਰੀ ਬਲਾ - ਧਨੀ ਰਾਮ ਚਾਤ੍ਰਿਕ

ਲੰਮੀ ਲਗਨ,
ਅਨੋਖੇ ਸੁਪਨੇ,
ਅਣਹੋਣੇ ਜਿਹੇ ਚਾਅ,
ਵੇ ਲੋਕੋ !
ਅਖੀਆਂ ਬੁਰੀ ਬਲਾ,

ਫੱਟਿਆ ਜਾਣਾ ਤੇ
ਚੈਨ ਨ ਲੈਣਾ,
ਅਲ੍ਹੜ ਜਿਹਾ ਸੁਭਾ,
ਵੇ ਲੋਕੋ !
ਅਖੀਆਂ ਬੁਰੀ ਬਲਾ


ਗੋਤਾ ਲਾਉਣ,
ਸਮੁੰਦਰੋਂ ਡੂੰਘਾ,
ਤਾਰਿਆਂ ਤੀਕ ਚੜ੍ਹਾ,
ਵੇ ਲੋਕੋ !
ਅਖੀਆਂ ਬੁਰੀ ਬਲਾ

ਆਪੇ ਲੱਗਣ ਤੇ
ਆਪੇ ਲੂਸਣ,
ਭਾਂਬੜ ਲੈਣ ਮਚਾ,
ਵੇ ਲੋਕੋ !
ਅਖੀਆਂ ਬੁਰੀ ਬਲਾ

ਰੋੜ੍ਹੇ ਪਈਆਂ
ਜਾਣ ਨ ਠਲ੍ਹੀਆਂ,
ਠੇਲ੍ਹ ਸੁਟਣ ਦਰਯਾ,
ਵੇ ਲੋਕੋ !
ਅਖੀਆਂ ਬੁਰੀ ਬਲਾ

ਆਪ ਸ਼ਿਕਾਰੀ ਤੇ
ਆਪੇ ਪੰਛੀ,
ਆਪੇ ਖੇਡਣ ਦਾਅ,
ਵੇ ਲੋਕੋ !
ਅਖੀਆਂ ਬੁਰੀ ਬਲਾ
..................................................ਧਨੀ ਰਾਮ ਚਾਤ੍ਰਿਕ

Wednesday, 29 August 2012

ਬੋਲੀ ਹੈ ਪੰਜਾਬੀ ਸਾਡੀ - ਧਨੀ ਰਾਮ ਚਾਤ੍ਰਿਕ

ਅਸਾਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ

ਏਹੋ ਜਿੰਦ ਜਾਨ ਸਾਡੀ
ਮੋਤੀਆਂ ਦੀ ਖਾਨ ਸਾਡੀ
ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ.

ਤ੍ਰਿੰਝਣਾਂ ਭੰਡਾਰਾਂ ਵਿਚ
ਵੰਝਲੀ ਤੇ ਵਾਰਾਂ ਵਿਚ
ਮਿੱਠੀ ਤੇ ਸੁਹਾਉਣੀ, ਬੋਲੀ ਹੈ ਪੰਜਾਬੀ ਸਾਡੀ

ਜੋਧ ਤੇ ਕਮਾਈਆਂ ਵਿਚ
ਜੰਗਾਂ ਤੇ ਲੜਾਈਆਂ ਵਿਚ
ਏਹੋ ਜਿੰਦ ਪਾਉਣੀ, ਬੋਲੀ ਹੈ ਪੰਜਾਬੀ ਸਾਡੀ

ਫੁਲਾਂ ਦੀ ਕਿਆਰੀ ਸਾਡੀ,
ਸੁਖਾਂ ਦੀ ਅਟਾਰੀ ਸਾਡੀ,
ਭੁਲ ਕੇ ਨਹੀਂ ਢਾਉਣੀ, ਬੋਲੀ ਹੈ ਪੰਜਾਬੀ ਸਾਡੀ

...................................................................ਧਨੀ ਰਾਮ ਚਾਤ੍ਰਿਕ