Popular posts on all time redership basis

Showing posts with label Dev. Show all posts
Showing posts with label Dev. Show all posts

Wednesday, 6 June 2012

ਇਕ ਇਕ ਕਰਕੇ ਪਰਤਾਂਗੇ ਅਸੀਂ - ਦੇਵ

ਇਕ ਇਕ ਕਰਕੇ ਪਰਤਾਂਗੇ ਅਸੀਂ
ਤੇਰੇ ਹੀ ਹਥੋਂ ਅੰਤ ਨੂੰ ਕਤਲ ਹੋਣ ਲਈ
ਖੂਨੀ ਹੰਕਾਰ ਵਾਲੀ ਗਲੀ ’ਚ ਜੋ ਗੁਆਚ ਗਏ ਨੇ
ਪੰਜਾਬ, ਅਸੀਂ ਤੇਰੇ ਉਹ ਬੱਚੇ ਹੀ ਤਾਂ ਹਾਂ

ਮੋਹਰੇ ਜੋ ਹੋਰ ਜ਼ਮੀਨਾਂ ਤੇ ਪਰਚਮ ਝੁਲਾਉਂਦੇ ਸੀ
ਅੱਜ ਆਪਣੇ ਹੀ ਜੀਆਂ ਦੀਆਂ ਕਬਰਾਂ ਤੇ ਬੈਠੇ
ਸਿਵੇ ਦੀ ਮਿੱਟੀ ਨਾਲ ਖੇਡ ਰਹੇ ਨੇ

ਚਲੋ ਇਸ ਸੁੰਨੀ ਹੋ ਰਹੀ ‘ਹਵੇਲੀ’ ’ਚੋਂ
ਆਪਣਾ ਆਪਣਾ ਅੰਤਿਮ ਮਰਸੀਆ ਸੁਣੀਏ
ਕੀ ਪਤਾ ਫੇਰ ਕਦੇ ਮਿਲੀਏ ਜਾਂ ਨਾ ਮਿਲੀਏ

ਸੂਹੀ ਸੁੰਨੀ ਸਰਦਲ ’ਤੇ ਉਦਾਸ ਧੁੱਪ ਬੈਠੀ ਹੈ
ਕਾਲੀ ਚਾਦਰ ਪਹਿਨ ਕੇ
ਪੰਜਾਬ, ਇਹ ਤੇਰਾ ਹੀ ਤਾਂ ਸੋਗ ਮਨਾ ਰਹੀ ਹੈ

ਬੋਲ ਜਿਨ੍ਹਾਂ ’ਚ ਕਦੇ ਗੂੰਜ : ਜਸ਼ਨ : ਜੁੰਬਸ਼ ਸੀ
ਅੱਜ ਨਿਰੀ ਚੁੱਪ ਹੈ
ਇਹ ਗੂੰਗਾ ਹੋ ਗਿਆ ਬੋਲ ਵੀ ਤਾਂ ਤੇਰਾ ਹੀ ਸੀ
ਪੰਜਾਬ, ਹੁਣ ਤੈਨੂੰ ਬੋਲਣ ਦਾ ਇਲਮ ਕੌਣ ਸਿਖਾਏਗਾ
ਹੁਣ ਨਾ ਕਿਸੇ ਨੂੰ ਕਹੀਂ : ਇੱਥੇ ਦੁੱਧ ਦੀਆਂ ਨਦੀਆਂ ਸ਼ਹਿਦ ਦੇ ਸਰੋਵਰ
ਸੁਣਨ ਲੱਗਿਆਂ ਬੜੀ ਹੀ ਸ਼ਰਮ ਆਇਆ ਕਰੇਗੀ

ਹਾਥੀ ਦੀ ਸੁੰਡ ਵਾਲੇ ਦੇਸ਼ ਅੰਦਰ ਹਿੰਸਾ ਮਾਨਿਸਕ
ਸਿਆਸਤ ਹਲਕਾਇਆ ਹੋਇਆ ਕੁੱਤਾ
ਜਿਥੇ ਨਿਰੀ ਅਫਵਾਹ ਹੀ ਨਰਕ ਦੀਆਂ ਜੀਭਾਂ
ਨਫ਼ਰਤ ਸਹਿਜ-ਸੁਭਾ ਪਲ਼ਦੀ ਤੇ ਪਾਲੀ ਜਾਂਦੀ ਹੈ
ਜਿੰਥੇ ਬੰਦੇ ਬਦਲੇਖ਼ੋਰੀ ਨਾਲ ਭਰੀਆਂ ਹੋਈਆਂ ਜ਼ਹਿਰਾਂ

ਜਦੋਂ ਅਸੀਂ ਆਪਣੇ ਹੀ ਨਕਸ਼ ਨਹੀਂ ‘ਤੱਕਣੇ’ ਸਿੱਖੇ
ਕਿੱਥੇ ਖੜੇ ਹਾਂ ਤੇ ਕਿਸ ਦੀ ਹੈ ਜਗ੍ਹਾ
ਉਸ ਥਾਂ ਦਾ ਫੈਸਲਾ ‘ਕੌਣ’ ਕਰੇਗਾ

ਇਕ ਇਕ ਕਰਕੇ ਪਰਤਾਂਗੇ ਅਸੀਂ
ਤੇਰੇ ਹੀ ਹੱਥੋਂ ਅੰਤ ਨੂੰ ਕਤਲ ਹੋਣ ਦੇ ਲਈ.

.....................................................- ਦੇਵ